Pali detwalia biography definition
ਸੱਭਿਆਚਾਰਕ ਤੇ ਪਰਿਵਾਰਕ ਗੀਤ ਗਾਉਣ ਗਾਇਕ : ਪਾਲੀ ਦੇਤਵਾਲੀਆ
ਸਭਿਆਚਾਰਕ ’ਤੇ ਪਰਿਵਾਰਕ ਗੀਤ ਗਾਉਣੇ ਹਰ ਗਾਇਕ ਦਾ ਫਰਜ਼-ਸ੍ਰੋਮਣੀ ਗਾਇਕ ਪਾਲੀ ਦੇਤਵਾਲੀਆ
Posted Unused
Publish Date: Tue, 17 Dec 2024 09:41 PM (IST)
Updated Date: Wed, 18 Dec 2024 04:17 AM (IST)
- ਲੋਕ ਸੰਪਰਕ ਵਿਭਾਗ ’ਚ ਬਤੌਰ ਕਲਾਕਾਰ ਨਿਭਾ ਚੁੱਕੇ 20 ਸਾਲ
- ਪਾਲੀ ਦੇ ਗੀਤਾਂ ਨੂੰ ਬੇਹੱਦ ਮਕਬੂਲੀਅਤ ਮਿਲੀ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਨੂੰ ਜੇਕਰ ਸੱਭਿਆਚਾਰਕ ਤੇ ਪਰਿਵਾਰਕ ਗੀਤਾਂ ਦਾ ਦੂਜਾ ਨਾਂ ਕਿਹਾ ਜਾਵੇ ਤਾਂ ਇਸ ’ਚ ਕੋਈ ਅਤਿਕਥਨੀ ਨਹੀਂ। ਪਾਲੀ ਦਾ ਜਨਮ 18 ਦਸੰਬਰ ਨੂੰ ਪਿਤਾ ਨਰੈਣ ਸਿੰਘ ਦੇ ਘਰ ਤੇ ਮਾਤਾ ਭਗਵੰਤ ਕੌਰ ਦੀ ਕੁੱਖੋਂ ਲੁਧਿਆਣਾ ਦੇ ਪਿੰਡ ਦੇਤਵਾਲ ਵਿਖੇ ਹੋਇਆ। ਉਸ ਨੇ ਲੋਕ ਸੰਪਰਕ ਵਿਭਾਗ ’ਚ 20 ਸਾਲ ਦੇ ਕਰੀਬ ਬਤੌਰ ਕਲਾਕਾਰ ਵੀ ਆਪਣੀ ਸੇਵਾ ਨਿਭਾਈ। ਗਾਇਕੀ ਤੋਂ ਇਲਾਵਾ ਉਸ ਨੇ ਕਈ ਪੰਜਾਬੀ ਸੱਭਿਆਚਾਰਕ ਗੀਤ ਵੀ ਲਿਖ ਕੇ ਪੰਜਾਬੀਆਂ ਦੀ ਝੋਲੀ ਪਾਏ, ਜਿਨ੍ਹਾਂ ਨੂੰ ਵੱਖ-ਵੱਖ ਗਾਇਕਾਂ ਨੇ ਆਵਾਜ਼ ਦਿੱਤੀ ਪਰ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਤੇ ਲੋਕ ਗਾਇਕ ਸੁਰਿੰਦਰ ਸਿੰਘ ਛਿੰਦਾ ਵੱਲੋਂ ਗਾਏ ਪਾਲੀ ਦੇ ਗੀਤਾਂ ਨੂੰ ਬੇਹੱਦ ਮਕਬੂਲੀਅਤ ਮਿਲੀ।
ਇਨ੍ਹਾਂ ’ਚੋਂ ‘ਇੱਕ ਵੀਰ ਦਈਂ ਵੇ ਰੱਬਾ' ਸਹੁੰ ਖਾਣ ਨੂੰ ਬੜਾ ਹੀ ਚਿੱਤ ਕਰਦਾ', ‘ਦਾਜ ਦਿਆਂ ਲੋਭੀਆਂ ਨੇ ਲਾਹ ਕੇ ਰੱਖੀ ਐ ਸ਼ਰਮ ਦੀ ਲੋਈ', ‘ਜੁਗਨੀ ਬੇਲੀਆਂ ਦੀ ਹੋ ਜੁਗਨੀ ਯਾਰਾਂ ਦੀ', ‘ਸਰਵਣ ਭਗਤ ਵਿਚਾਰਾ', ‘ਮਾਂ ਦਾ ਦਿਲ' ਤੇ ‘ਯਾਰਾਂ ਦੀ ਵਧੇ ਦੋਸਤੀ' ਪ੍ਰਮੁੱਖ ਤੌਰ ’ਤੇ ਸ਼ਾਮਲ ਹਨ। ਸ਼੍ਰੋਮਣੀ ਗਾਇਕ ਪਾਲੀ ਨੇ ਬਤੌਰ ਗੀਤਕਾਰ ਮੱਲਾਂ ਮਾਰਨ ਤੋਂ ਬਾਅਦ ਖੁਦ ਗਾਇਕੀ ਦੇ ਖੇਤਰ ’ਚ ਕਦਮ ਧਰਿਆ ਤੇ ਲੇਖਣੀ ਵਾਂਗ ਹੀ ਗਾਇਕੀ ’ਚ ਵੀ ਸੱਭਿਆਚਾਰਕ ਗੀਤਾਂ ਦਾ ਪੱਲਾ ਨਹੀਂ ਛੱਡਿਆ। ਪਾਲੀ ਨੇ ਆਪਣੇ ਹੀ ਨਹੀਂ ਸਗੋਂ ਸੱਭਿਆਚਾਰਕ ਗੀਤ ਲਿਖਣ ਵਾਲੇ ਨੰਦ ਲਾਲ ਨੂਰਪੁਰੀ, ਦੇਵ ਥਰੀਕੇ ਵਾਲਾ, ਪ੍ਰੋ.
ਗੁਰਭਜਨ ਗਿੱਲ ਸਮੇਤ ਹੋਰ ਕਈ ਗੀਤਕਾਰਾਂ ਦੇ ਲਿਖੇ ਗੀਤਾਂ ਨੂੰ ਵੀ ਆਪਣੀ ਆਵਾਜ਼ ਦਿੱਤੀ।
ਪਾਲੀ ਦੇ ਗਾਏ ਸੁਪਰਹਿੱਟ ਗੀਤਾਂ ’ਚ ‘ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ’, ‘ਮਾਵਾਂ ’ਤੇ ਧੀਆਂ ਵਰਗਾ ਰਿਸ਼ਤਾ ਕੋਈ ਹੋਰ ਨਹੀਂ’, ‘ਧੀਆਂ ਰਾਣੀਆਂ’, ‘ਧੀਆਂ ਤੋਰ ਕੇ’, ‘ਪੁੱਤਾਂ ਤਾਈਂ ਜਿਉਣ ਜੋਗੇ ਕਹਿਣ ਵਾਲਿਓ ਕਦੇ ਧੀਆਂ ਨੂੰ ਵੀ ਕਿਹਾ ਕਰੋ ਜਿਊਣ ਜੋਗੀਆਂ’, ‘ਵਿਹੜਾ ਬਾਬਲ ਦਾ’, ‘ਰੋਂਦੀਆਂ ਗ਼ਰੀਬਾਂ ਦੀਆਂ ਧੀਆਂ’, ‘ਵੇਖ ਧੀਆਂ ਦੇ ਲੇਖ‘, ‘ਆਉਣ ਪੇਕਿਆਂ ਤੋਂ ਠੰਡੀਆਂ ਹਵਾਵਾਂ ਵੀਰ ਮੇਰੇ ਰਹਿਣ ਵੱਸਦੇ’, ‘ਬਿਨਾਂ ਦਾਜ ਤੋਂ ਸਾੜੀਆਂ ਧੀਆਂ ਦਾ ਕਦੇ ਬਾਬਲ ਬਣ ਕੇ ਵੇਖ’, ‘ਮੇਰਾ ਪਿੰਡ ਮੈਨੂੰ ਲੱਗੇ ਮੇਰੀ ਮਾਂ ਵਰਗਾ’, ‘ਬੋਲ ਮਿੱਟੀ ਦਿਆ ਬਾਵਿਆ’, ‘ਪੁੱਤ ਜਿਨ੍ਹਾਂ ਦੇ ਫ਼ੌਜੀ’ ਅਤੇ ‘40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ’ ਆਦਿ ਬੇਸ਼ੁਮਾਰ ਗੀਤ ਸ਼ਾਮਲ ਹਨ।
ਪਾਲੀ ਨੇ ਜਿੱਥੇ ਵਧੀਆ ਗੀਤ ਲਿਖੇ ਤੇ ਗਾਏ, ਉਥੇ ਨਾਲ ਹੀ ਗੀਤਾਂ ਦੀਆਂ 9 ਕਿਤਾਬਾਂ ਵੀ ਪੰਜਾਬੀਆਂ ਦੀ ਝੋਲੀ ਪਾਈਆਂ। ਸੋਲੋ ਗਾਇਕੀ ਦੇ ਨਾਲ-ਨਾਲ ਪਾਲੀ ਨੇ ਕੁੱਝ ਡਿਊਟ ਗੀਤ ਵੀ ਗਾਏ ਤੇ ਕਈ ਟੈਲੀ ਫਿਲਮਾਂ ’ਚ ਕੰਮ ਵੀ ਕੀਤਾ। ‘ਪੰਜਾਬੀ ਜਾਗਰਣ’ ਨਾਲ ਗੱਲ ਕਰਦਿਆਂ ਪਾਲੀ ਦੇਤਵਾਲੀਆ ਨੇ ਕਿਹਾ ਕਿ ਸੱਭਿਆਚਾਰਕ ਤੇ ਪਰਿਵਾਰਕ ਗੀਤ ਲਿਖਣਾ ਤੇ ਗਾਉਣਾ ਹਰ ਗੀਤਕਾਰ ਤੇ ਗਾਇਕ ਦਾ ਫ਼ਰਜ਼ ਹੈ, ਜੋ ਹਰੇਕ ਗੀਤਕਾਰ ਤੇ ਗਾਇਕ ਨੂੰ ਨਿਭਾਉਣਾ ਚਾਹੀਦਾ ਹੈ।